ਔਰਤ ਦਾ ਦਰਦ, ਸੌਹਰੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਅੱਜ ਵਿਆਹ ਨੂੰ ਨੌਂ ਮਹੀਨੇ ਹੋ ਗਏ ..

ਮੇਰੇ ਹੱਥਾਂ ਤੇ ਲੱਗੀ ਹੋਈ ਮਹਿੰਦੀ ਦਾ ਰੰਗ ਵੀ ਫਿੱਕਾ ਨਾ ਪਿਆ। ਨਾਨਕੇ ਮੇਰੀ ਪਸੰਦ ਦਾ ਚੂੜਾ ਲੈਕੇ ਆਏ ਇਹ ਕਿੰਨਾ ਸੋਹਣਾ ਏ।
ਸੌਹਰੇ ਘਰ ਕਿਸੇ ਚੀਜ਼ ਦੀ ਕਮੀ ਨਹੀਂ ਅੱਜ ਵਿਆਹ ਨੂੰ ੮ ਮਹੀਨੇ ਹੋ ਗਏ। ਸੋਚਦੀ ਹਾਂ, ਜਿਸ ਨਾਲ ਕਾਲਜ ਸਮੇਂ ਪ੍ਰੇਮ ਸੀ ਉਹ ਵੀ ਮੁੰਡਾ ਹੋਕੇ ਘਰ ਵਾਲਿਆ ਦੇ ਵਿਆਹ ਲਈ ਰਾਜ਼ੀ ਨਾ ਹੋਣ ਦੀ ਮਜ਼ਬੂਰੀ ਦੱਸ ਗਿਆ।

ਸਮਝਦਾਰੀ ਤੋ ਕੰਮ ਲਿਆ ਦਿਲ ਤੇ ਪੱਥਰ ਰੱਖ ਮਾ ਬਾਪ ਵੀਰ ਦੀ ਇੱਜ਼ਤ ਕਦੀ ਨਾ ਰੋਲੀ ਸੀ। ਮੁਸ਼ਕਿਲ ਜ਼ਰੂਰ ਸੀ ਕਈ ਦਿਨ ਰੋਈ ਵੀ ਸਿਰਫ ਵਿਆਹ ਆਪਣੀ ਪਸੰਦ ਦੇ ਮੁੰਡੇ ਨਾਲ ਕਰਾਉਣ ਦਾ ਹੀ ਸੋਚਿਆ ਸੀ। ਬੇਕਦਰੇ ਲੋਕ ਜ਼ਾਤ ਪਾਤ ਧਰਮ ਦੇ ਬਹਾਨੇ ਮਾਰ ਮਜ਼ਬੂਰੀ ਦੱਸਦੇ। ਅਫਸੋਸ ਮੈ ਤੇ ਸਮਝਦਾਰੀ ਕਰ ਲਈ ਪਰ ਰੋਜ਼ ਕਿੰਨੀਆ ਭੈਣਾਂ ਨਾ ਸਮਝੀਆਂ ਕਰ ਦਿੰਦੀਆ। ਘਰ ਵਾਲਿਆਂ ਦੀ ਅੱਖ ਵਿੱਚ ਅੱਖ ਪਾ ਗੱਲ ਕਰਨ ਦੇ ਹਮੇਸ਼ਾ ਲਾਇਕ ਰਹੀ। ਜਿੱਥੇ ਉਹਨਾ ਕਿਹਾ ਮੈਂ ਵਿਆਹ ਲਈ ਹਾਂਮੀ ਭਰ ਦਿੱਤੀ ਉਂਝ ਵੀ ਮੈਂ ਪਿਆਰ ਦੇ ਹਾਲ ਦੇਖ ਚੁੱਕੀ ਸਾਂ।

ਪੋਸਟ ਗ੍ਰੈਜੂਏਸ਼ਨ ਤੋ ਬਾਅਦ ਵੀ ਮੈਂ ਅੱਜ ਇਕ ਅਨਪੜ੍ਹ ਦੇਹਾਜੂ ਮੁੰਡੇ ਨਾਲ ਵਿਆਹ ਦਿੱਤੀ ਗਈ। ਸ਼ਾਇਦ ਵਿਚੋਲੇ ਦੀਆ ਗੱਲਾਂ ਵਿੱਚ ਆਕੇ ਜਾਂ ਪੈਸੇ ਵਾਲਾ ਸੋਚਿਆ ਧੀ ਰਾਜ ਕਰੂ। ਡੋਲੀ ਜਦੋਂ ਤੋਰਨ ਦੀ ਰਸਮ ਹੋਈ ਇਕਦਮ ਲੱਗਿਆ ਜਿਵੇ ਮੇਰੇ ਪੈਰ ਮੇਰਾ ਭਾਰ ਨਹੀ ਸਹਾਰ ਰਹੇ। ਮਾਸੀਆਂ ਭਾਬੀਆਂ ਤਾਈਆਂ ਚਾਚੀਆਂ ਭੈਣਾਂ ਜਿਵੇਂ ਹਰ ਅੱਖ ਨੂੰ ਆਪਣਾ ਵੇਲਾ ਯਾਦ ਆ ਗਿਆ। ਵੀਰ ਰੋਂਦੀ ਨੂੰ ਅੱਖਾਂ ਪੂੰਝ ਚੱਪ ਕਰਾਂਉਦਾ ਹਾਲਾਂਕਿ ਆਪ ਵੀ ਲੁਕ ਲੁਕ ਰੋਂਦਾ ਏ। ਪਿਉ ਦੀ ਜਾਨ ਅੱਜ ਬੇਗਾਨੀ ਹੋ ਚੱਲੀ ਮਾਂ ਦੀਆਂ ਨਿਕਲਣ ਧਾਹਾਂ ਭੈਣ ਛੋਟੀ ਦਾ ਰੋਂਦਾ ਚਿਹਰਾ ਚੇਤੇ ਆਉਂਦਾ ਏ। ਕਹਿਣਾ ਸੌਖਾ ਮਰਕੇ ਜੰਮਨ ਦਾ ਇਹ ਵੇਲਾ ਹਰ ਧੀ ਤੇ ਆਉਂਦਾ ਏ।

ਸੌਹਰੇ ਕੁਝ ਦਿਨ ਰਹੀ ਡਰ ਡਰ ਰਹੀ ਕੁਝ ਬਚਪਨਾ ਵੀ ਹੈ ਫਿਰ ਸਭ ਦੇ ਸੁਭਾਅ ਵੀ ਪਤਾ ਨਹੀਂ। ਡਰ ਲੱਗਦਾ ਕਿਤੇ ਬਰਤਨ ਦੀ ਆਵਾਜ਼ ਜ਼ਿਆਦਾ ਤੋਂ ਵੀ ਕੋਈ ਗੁੱਸਾ ਨਾ ਹੋ ਜਾਵੇ। ਹਾਲੇ ਸਮਾਂ ਵੀ ਥੋੜਾ ਹੋਇਆ ਸੀ ਕਿਸੇ ਵਿਚ ਜਾਕੇ ਰਹਿਣ ਲੱਗ ਜਾਣਾ ਵੀ ਮੁਸ਼ਕਿਲ ਹੈ। ਹਾਲੇ ਆਦਤ ਜੋ ਨਹੀਂ ਨਾ ਮੈਨੂੰ ਨਾ ਉਹਨਾ ਨੂੰ ਮੇਰੀ। ਸਾਰੇ ਕੰਮ ਕਰਦੀ ਆ ਸੱਸ ਨੂੰ ਮਾ ਸੌਹਰੇ ਨੂੰ ਪਿਉ ਸਮਝਦੀ ਹਾਂ। ਸਭ ਕੁਝ ਠੀਕ ਤੇ ਹੈ ਸੋਹਣਾ ਘਰ ਚੰਗੇ ਲੋਕ ਹੋਰ ਕੀ ਚਾਹੀਦਾ। ਪਰ ਮੇਰਾ ਦੁੱਖ ਬੋਲ ਕੇ ਨਹੀ ਦੱਸਿਆ ਜਾਂਦਾ ੨੫ ਲੱਖ ਵਿਆਹ ਤੇ ਲਗਵਾਕੇ ਸਭ ਫਰਮਾਇਸ਼ਾ ਪੂਰੀਆ ਕਰਾ। ਜਿਸਦੇ ਲੜ ਲਾਈ ਆਂ ਸਭ ਕੁੱਝ ਛੱਡ ਸਭ ਕੁੱਝ ਭੁੱਲ ਜਿਸਦੇ ਨਾਲ ਦਿਲੋਂ ਰੂਹੋਂ ਵਫਾਦਾਰ ਹਾਂ। ਉਹ ਮੈਨੂੰ ਅਣਗੌਲਿਆ ਕਰਦਾ ਕਦੀ ਪਿਆਰ ਨਾਲ ਬੋਲਦਾ ਨਹੀਂ ਪਹਿਲਾ ਲੱਗਦਾ ਸੀ ਸ਼ਾਇਦ ਘੱਟ ਪੜ੍ਹਿਆ ਹੋਣ ਕਰਕੇ ਨਾਮੋਸ਼ੀ ਕਰਦਾ ਏ।

ਪਰ ਦਿਨੋਂ ਦਿਨ ਮੇਰੀਆਂ ਕਮੀਆਂ ਦੱਸਦਾ ਹਾਲੇ ਤੇ ਮਹਿੰਦੀ ਦਾ ਵੀ ਰੰਗ ਗੂੜ੍ਹਾ ਏ। ਇਕ ਦਿਨ ਏਦਾਂ ਦਾ ਸੱਚ ਸਾਹਮਣੇ ਆਇਆ ਮੈ ਤੇ ਲਾਸ਼ ਬਣ ਗਈ। ਮੈ ਤੇ ਭੁੱਲ ਗਈ ਸਾਂ ਪਿਆਰ ਬਚਪਨਾ ਸੀ। ਪਰ ਇਹ ਕਿਉਂ ਨਹੀਂ ਭੁੱਲ ਸਕਿਆ। ਮੈਨੂੰ ਆਪਣਾ ਨਹੀਂ ਸਕਦਾ ਤੇ ਵਿਆਹ ਹੀ ਨਾ ਕਰਾਂਉਦਾ। ਇਕ ਦੀ ਜ਼ਿੰਦਗੀ ਪਹਿਲਾ ਬਰਬਾਦ ਕਰਕੇ ਹੁਣ ਆਖਦਾ ਤੂੰ ਮਰ ਵੀ ਗਈ ਕੋਈ ਗਲ ਨਹੀ। ਬਹੁਤ ਮਰਦੀਆ ਤੇਰੇ ਜਹੀਆ। ਹੋਰਾ ਨਾਲ ਹੱਸਦਾ ਏ ਮੈਨੂੰ ਦੇਖ ਗੁੱਸੇ ਹੋ ਜਾਂਦਾ ਮੈਂ ਵਿਆਹ ਕੇ ਆਈ ਸਭ ਕੁੱਝ ਮਾਂ ਬਾਪ ਛੱਡ ਕੇ ਫਿਰ ਮੇਰੇ ਤਪ ਤਿਆਗ ਦੀ ਸਜ਼ਾ ਕਿਉਂ। ਕਿਉਂ ਲੋਕ ਵਿਆਹ ਤੋ ਪਹਿਲਾਂ ਦੇ ਪਿਆਰ ਭੁੱਲਦੇ ਨਹੀਂ ਨਾ ਕਰਾਉਣ ਵਿਆਹ ਤੇ ਕਿਉ ਮਾ ਬਾਪ ਕੁਵਾਰੀ ਕੁੜੀ ਨੂੰ ਪੈਸਾ ਦੇਖ ਦੇਹਾਜੂ ਲੜ ਲਗਾ ਦਿੰਦੇ। ਇਦਾ ਦੇ ਪੈਸੇ ਦਾ ਕੋਈ ਸੁਖ ਨਹੀ ੨੫ ਸਾਲ ਦੀ ਉਮਰੇ ਡਿਪਰੈਸ਼ਨ ਦੀਆਂ ਦਵਾਈਆਂ ਖਾ ਰਹੀ ਆ ਨੀਦ ਦੀ ਗੋਲੀ ਤੋ ਬਿਨਾ ਸੋ ਨਹੀ ਸਕਦੀ। ਔਰਤ ਇੱਜ਼ਤ ਪਿਆਰ ਵਫਾ ਤੇ ਮੰਗਦੀ ਏ ਬਦਲੇ ਵਿੱਚ ਸਾਰਾ ਜੀਵਨ ਸੌਂਪ ਦਿੰਦੀ ਏ। –ਗੁਰਪ੍ਰੀਤ ਸਿੰਘ ਕੰਗ।